20/05/2025
ਸੇਵਕ ਕਉ, ਸੇਵਾ ਬਣ ਆਈ
ਮਾੜਾ ਮੋਟਾ ਆਪਾਂ ਵੀ, ਆਪਣੀ ਪਹੁੰਚ ਮੁਤਾਬਿਕ, ਸਮਾਜ ਜਾਂ ਇਨਸਾਨੀਅਤ ਦੀ ਸੇਵਾ ਵਿਚ ਹਿੱਸਾ ਪਾ ਲਈਦੈ, ਪਰ ਇਕ ਅਸੂਲ ਹਮੇਸ਼ਾ ਰਿਹੈ ਕਿ ਸੇਵਾ ਦੇ ਨਾਮ 'ਤੇ ਲੁੱਟ ਖਸੁੱਟ ਜਾਂ ਪਰਚੀ-ਪੁਰਚੀ ਕੱਟਣ ਵਾਲਾ ਕੰਮ ਕਦੇ ਨਹੀਂ ਕੀਤਾ ਤੇ ਨਾ ਹੀ ਕਿਸੇ ਦੇ ਨਾਲ ਤੁਰਿਆਂ ਹਾਂ। ਕੋਈ ਇੱਕ ਬੰਦਾ ਵੀ ਨੀ ਹੋਣਾ, ਜਿਹੜਾ ਕਹੇ ਕਿ ਉਸਨੇ ਸਾਡੇ ਰਾਹੀਂ ਜਾਂ ਸਾਨੂੰ ਕਦੇ ਕੋਈ ਸੇਵਾ ਵਗ਼ੈਰਾ ਦੇ ਨਾਮ 'ਤੇ ਪੈਸਾ ਦਿੱਤਾ ਹੈ। ਅਸੀਂ ਆਪਣੀਆਂ ਜੇਬਾਂ ਦੇ ਭਾਰ ਅਨੁਸਾਰ ਹੀ ਕੰਮ ਵਿੱਢੀਦੈ, ਮੈਂ ਕਿਸੇ ਨੂੰ ਗਲਤ ਜਾਂ ਮਾੜਾ ਨਹੀਂ ਕਹਿੰਦਾ, ਸਭ ਦਾ ਆਪੋ-ਆਪਣਾ ਹਿਸਾਬ ਕਿਤਾਬ ਹੁੰਦੈ। ਪਰ ਇਸ ਵਾਰ ਜਿਹੜਾ ਕੰਮ ਪੂਰੇ ਸਮੂਹ ਵੱਲੋਂ ਕਰਨ ਦਾ ਵਿਚਾਰ ਕੀਤਾ ਗਿਆ ਆ, ਉਹ ਇਹ ਆ ਕਿ ਕਿਓਂ ਨਾ 10 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਨੇਪਰੇ ਚਾੜੇ ਜਾਣ, ਕਈ ਸੱਜਣ ਲੰਗਰ ਜਾਂ ਪੱਕੇ ਤੌਰ 'ਤੇ ਛਬੀਲ ਲਾਓਣ ਦੀ ਸਲਾਹ ਵੀ ਦੇ ਰਹੇ ਸਨ ਪਰ ਸਹਿਮਤੀ ਨਹੀਂ ਬਣੀ। ਇਸ ਲਈ ਸਾਨੂੰ ਪਹਿਲੀ ਵਾਰ, ਹੋ ਸਕਦੈ ਕਿ ਮਦਦ ਦੀ ਲੋੜ ਪਵੇ, ਕਿਓਂਕਿ ਬਹੁਤ ਸਾਰੇ ਸਕੇ-ਸਬੰਧੀਆਂ ਕੋਲ, ਜਦੋਂ ਇਹ ਵਿਚਾਰ ਜਾਂ ਸੁਨੇਹਾ ਲੈ ਕੇ ਗਏ ਤਾਂ, ਕਈ ਅਜਿਹੇ ਵੀ ਸਨ, ਜਿਹੜੇ ਸਾਰੇ ਦੇ ਸਾਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਚੁੱਕਣ ਲਈ ਵੀ ਤਿਆਰ ਸਨ, ਕਈਆਂ ਨੇ ਫਰਨੀਚਰ, ਭਾਂਡੇ, ਮੰਜੇ, ਕੁਰਸੀਆਂ ਜਾਂ ਰੋਟੀ ਪਾਣੀ ਵੱਖ-ਵੱਖ ਖਰਚੇ ਓੜਣ ਦੀ ਗੱਲ ਵੀ ਕੀਤੀ। ਪਰ ਅਸੀਂ ਇਹ ਕਾਰਜ ਕਿਸੇ ਇਕ ਜਾਂ ਦੋ ਵਿਅਕਤੀਆਂ ਦੀ ਮਦਦ ਨਾਲ ਨੇਪਰੇ ਨਹੀਂ ਚਾੜਣਾ ਚਾਹੁੰਦੇ, ਸਗੋਂ ਹਰ ਬੰਦੇ ਤੋਂ ਸਹਿਯੋਗ ਪੁਆਓਣ 'ਤੇ ਵਿਚਾਰ ਕੀਤਾ ਗਿਆ ਹੈ, ਭਾਵੇਂ ਅਗਲਾ ਭਾਵੇਂ 5 ਰੂਪੇ ਹੀ ਦੇਵੇ , ਤਾਂ ਕਿ ਹਰ ਬੰਦੇ ਨੂੰ ਇਹ ਮਹਿਸੂਸ ਹੋਵੇ ਕਿ ਇਹ ਸੁਚੱਜਾ ਕਾਰਜ ਉਹਨਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਗਿਆ ਹੈ। ਸਮੂਹ ਦੀ ਅਗਵਾਈ ਕਰ ਰਹੇ ਪ੍ਰਧਾਨ ਬਾਬਾ ਸੇਵਾ ਸਿੰਘ ਜੀ, ਉੱਪ ਪ੍ਰਧਾਨ ਸੁਖਦੀਪ ਸਿੰਘ ਨਿੱਕਾ, ਓਮ ਪ੍ਰਕਾਸ਼, ਗੁਰਜੀਤ ਸਿੰਘ, ਬਖਸ਼ੀਸ਼ ਸਿੰਘ, ਮਨਵਿੰਦਰ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ, ਨਿਸਾਨ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਬਲਕਾਰ ਸਿੰਘ ਆਦਿ ਨੇ ਕਿਹਾ ਕਿ ਇਹ ਸਰਵ ਉੱਤਮ ਕਾਰਜ ਜੁਲਾਈ ਦੇ ਅਖੀਰਲੇ ਹਫ਼ਤੇ ਤੱਕ ਨੇਪਰੇ ਚਾੜ ਦਿੱਤਾ ਜਾਵੇਗਾ।
'ਆਪਣਾ ਪੰਜਾਬ ਵੈਲਫੇਅਰ ਸੋਸਾਇਟੀ ਰਜਿ:'