04/04/2021
Sikh Caucus Book Review - Part 2
ਕਿਤਾਬ ਬਾਰੇ
ਕਿਤਾਬ ਦੇ ਕੱਦ ਦਾ ਉਸਦੇ ਪ੍ਰਕਾਸ਼ਤ ਤੋਂ ਪਤਾ ਲੱਗਦਾ ਹੈ। ਜੇ ਕਿਤਾਬ ਵਿੱਚ ਕੋਈ ਨਵੇਂ-ਨਰੋਏ ਸਬੂਤ ਹੋਣ ਅਤੇ ਗੱਲ ਵਿੱਚ ਕੋਈ ਵਜ਼ਨ ਹੋਵੇ ਤਾਂ ਚੰਗਾ ਪ੍ਰਕਾਸਤ ਮਿਲ ਸਕਦਾ ਸੀ, ਖ਼ਾਸ ਕਰ ਜਿਸ ਵਿੱਚ 50 ਤੋਂ ਉੱਪਰ ਅਮਰੀਕੀ ਕਾਂਗਰਸਮੈਨ ਸੁਆਲਾਂ ਦੇ ਘੇਰੇ ਵਿੱਚ ਲਿਆਂਦੇ ਹੋਣ। ਕਈ ਹੋਰਨਾ ਕਾਰਨਾਂ ਕਰਕੇ ਵੀ ਇਹ ਕਿਤਾਬ ਦੇ ਘੇਰੇ ਵਿੱਚ ਨਹੀਂ ਆਉਂਦੀ ਕਿਉਂ ਕਿ ਇਸ ਵਿੱਚ ਨਾਂ ਤਾਂ Index ਹੈ ਤੇ ਨਾਂਹ ਹੀ bibliography. ਲਿਖਾਰੀ ਵੱਲੋਂ ਲਿਖੀਆਂ ਗੱਲਾਂ ਦੀ ਅੰਤ ਵਿੱਚ citation ਸੂਚੀ ਦਿੱਤੀ ਗਈ ਹੈ ਜੋ ਕਿ ਆਮ ਤੌਰ ਤੇ ਆਰਟੀਕਲਾਂ ਲਈ ਵਰਤੀ ਜਾਂਦੀ ਹੈ। ਕਿਤਾਬ ਵਿੱਚ ਇੱਕ ਵੀ footnote ਨਹੀਂ , citation ਨੂੰ footnote ਵਜੋਂ ਵਰਤਿਆ ਗਿਆ ਹੈ। ਸੋ ਇਹ ਇੱਕ ਕਿਤਾਬ ਵਜੋਂ ਮਾਣਤਾ ਪ੍ਰਾਪਤ ਕਰਣ ਦੀਆਂ ਮੁੱਢਲੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰਦੀ।
ਕਿਤਾਬ ਸਿਰਫ ਸਿੱਖ ਕਾਕਸ ਤੇ ਸੇਧਤ ਹੋਣ ਦੀ ਬਜਾਏ ਕਈ ਜਗ੍ਹਾ ਗੇੜੇ ਕੱਢਦੀ ਦਿੱਸਦੀ ਹੈ। ਕਿਤਾਬ ਕਾਕਸ ਨੂੰ ਕੇਂਦਰਬਿੰਦੂ ਬਣਾ ਕੇ ਅਸਲ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਤੇ ਸ਼ੱਕ ਖੜੇ ਕਰਨ ਨੂੰ ਲਿਖੀ ਲੱਗਦੀ ਹੈ, ਇਸੇ ਲਈ ਇਸ ਵਿੱਚ 1986 ਦਾ ਸਰਬੱਤ ਖਾਲਸਾ, 1992 ਦੀਆਂ ਚੋਣਾਂ ਜਾਂ ਆਰ ਐਸ ਐਸ ਨੂੰ ਜ਼ਬਰਦਸਤੀ ਘਸੋੜਿਆ ਹੈ।
ਇਸ ਕਿਤਾਬ ਨੂੰ ਇੱਕ ਖੁਫੀਆ ਤੰਤਰ ਦੇ ਵਿਸਫੋਟ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਘਟਨਾਵਾਂ ਨੂੰ ਤੋੜ ਮਰੋੜ ਕੇ ਸ਼ੱਕ ਖੜਾ ਕਰਨ ਲਈ ਵਧੀਆ ਪੇਸ਼ਕਾਰੀ ਕੀਤੀ ਗਈ ਹੈ ਪਰ ਥੋੜਾ ਘੋਖਣ ਤੋਂ ਬਾਅਦ ਭਾਰਤ ਵਿੱਚ ਛੱਪਦੇ ਮਨੋਹਰ ਕਹਾਣੀਆਂ ਜਾਂ ਕਿਸੇ ਅਮਰੀਕੀ tabloid ਵਰਗੀ ਹੀ ਜਾਪਦੀ ਹੈ।
ਸਬੂਤਾਂ ਬਾਰੇ
ਕਿਤਾਬ ਵਿੱਚ ਇੱਕ ਵੀ ਨਵਾਂ ਸਰੋਤ ਨਹੀਂ ਸਗੋਂ ਅਖ਼ਬਾਰਾਂ ਦੀਆਂ ਖ਼ਬਰਾਂ ਜਾਂ ਗੂਗਲ ਦਾ ਖੋਜ ਤਰੀਕਾ ਹੀ ਵਰਤਿਆ ਗਿਆ ਹੈ। ਕਿਸੇ ਇੱਕ ਵੀ ਪ੍ਰਮਾਣਿਤ ਸਿੱਖ ਇਤਿਹਾਸਕਾਰ ਦੀ ਕਿਸੇ ਕਿਤਾਬ ਜਾਂ ਲਿਖਤ ਦਾ ਹਵਾਲਾ ਨਹੀਂ, ਸਿਰਫ ਸੰਗਤ ਸਿੰਘ ਦੀ ਕਿਤਾਬ ਵਿੱਚੋਂ ਇੱਕ ਦੋ ਹਵਾਲੇ ਦੇ ਕੇ ਜੁਝਾਰੂਆਂ ਵੱਲੋਂ ਕੀਤੇ 1986 ਦੇ ਸਰਬੱਤ ਖਾਲਸੇ ਨੂੰ ਸਰਕਾਰੀ ਚਾਲ, ਸਿਆਣਪ ਦੀ ਘਾਟ ਅਤੇ ਖਾਲਿਸਤਾਨ ਦੇ ਐਲਾਨਨਾਮੇ ਨੂੰ ਗਲਤ ਠਹਿਰਾਇਆ ਹੈ। ਇਸੇ ਤਰਾਂ 1992 ਦੀਆਂ ਚੋਣਾਂ ਦੇ ਬਾਈਕਾਟ ਨੂੰ ਵੀ ਗਲਤ ਕਿਹਾ ਹੈ। ਇਹਨਾਂ ਦੇ ਨਿਰਣੇ ਤੇ ਪਹੁੰਚਣ ਲਈ ਨਾਂ ਕਿਸੇ ਪੁਸਤਕ, ਆਰਟੀਕਲ ਜਾਂ ਇੰਟਰਵਿਊ ਦੀ ਜ਼ਰੂਰਤ ਸਮਝੀ ਗਈ। ਇਉਂ ਮਹਿਸੂਸ ਹੁੰਦਾ ਹੈ ਕਿ ਲਿਖਾਰੀ ਨੇ ਆਪਣੇ ਬਣਾਏ ਹੋਏ ਵਿਚਾਰ ਤੇ ਨਿਰਣਿਆਂ ਨੂੰ ਜ਼ਾਇਜ ਠਹਿਰਾਉਣ ਲਈ ਕੁੱਝ ਚੁਣਵੇਂ ਲੋਕਾਂ ਦੇ ਵਿਚਾਰ ਜਾਂ ਸਰਕਾਰੀ ਖ਼ਬਰਾਂ ਨੂੰ ਹੀ ਸਹਾਰਾ ਬਣਾਇਆ ਹੈ।
ਜਿਹੜੇ ਬੰਦੇ ਪੰਥਕ ਸਫ਼ਾ ਵਿੱਚ ਵਿਚਰੇ ਹਨ ਉਹਨਾਂ ਨੇ ਮਨਾ ਵਿੱਚ ਪੀਟਰ ਤੇ ਭਜਨ ਸਿੰਘ ਭਿੰਡਰ ਦਾ ਵਕਾਰ ਡਿੱਗਾ ਹੈ। ਨੌਜਵਾਨਾਂ ਵਿੱਚ ਇਹ ਕਿਤਾਬ ਆਪਣਾ ਪ੍ਰਭਾਵ ਛੱਡ ਰਹੀ ਹੈ ਪਰ ਇਹ ਸਦੀਵੀ ਨਾਂ ਹੋ ਕੇ ਆਰਜ਼ੀ ਹੋਵੇਗਾ ਕਿਉਂ ਕਿ ਕਿਤਾਬ ਵਿੱਚ ਸਬੂਤਾਂ ਦੀ ਅਣਹੋਂਦ ਇਸ ਕਿਤਾਬ ਨੂੰ ਬੌਣਾ ਕਰ ਦਵੇਗੀ।
ਚੱਲਦਾ ... (ਕਿਤਾਬ ਵਿੱਚਲੇ ਸਹੀ ਅਤੇ ਗਲਤ ਤੱਥਾਂ ਬਾਰੇ)
1. ਕਿਤਾਬ ਦਾ ਪਹਿਲਾ ਅਧਿਆਇ ‘Spirit of Khalsa’ ਹੈ ਜਿਸ ਵਿੱਚ ਲਿਖਾਰੀ ਨੇ CAA ਅਤੇ ਕਿਸਾਨਾਂ ਦੇ ਅੰਦੋਲਨ ਵੇਲੇ ਭਾਰਤੀ ਸਰਕਾਰ ਵੱਲੋਂ ਅੰਦੋਲਨਕਾਰੀਆਂ ਨੂੰ ਅਤਿਵਾਦੀ ਵਗੈਰਾ ਕਹਿਣਾ ਸਰਕਾਰ ਦੀ ਅੰਦੋਲਨ ਨੂੰ ਦਬਾਉਣ ਦੀ ਤਰਕੀਬ ਇੱਕੋ ਜਿਹੀ ਹੈ। ਗੱਲ ਕਰਦਾ ਕਰਦਾ ਉਹ ਤੀਜੇ ਸਫ਼ੇ ਤੇ ਵਿਦੇਸ਼ਾਂ ਵਿੱਚ ਕਿਸਾਨ ਅੰਦੋਲਨ ਦੇ ਹੱਕ ਅਤੇ ਸਰਕਾਰ ਵਿਰੋਧੀ ਅਵਾਜ਼ਾਂ ਦਾ ਹਵਾਲਾ ਦੇ ਕੇ ਅਮਰੀਕਨ ਸਿੱਖ ਕੋਂਗਰੈਸ਼ਨਲ ਕਾਕਸ ਬਾਰੇ ਲਿੱਖਦਾ ਹੈ ਕਿ ਉਹ ਇਸ ਮਸਲੇ ਤੇ ਚੁੱਪ ਹੀ ਰਹੇ। ਇਹ ਤੱਥ ਗਲਤ ਹੈ ਕਿਉਂ ਕਿ ਕਾਕਸ ਦੇ ਕੁੱਝ ਮੈਂਬਰਾਂ ਨੇ ਕਿਸਾਨ ਅੰਦੋਲਨ ਬਾਰੇ ਜ਼ਰੂਰ ਬੋਲਿਆ ਪਰ ਬਹੁਤਿਆਂ ਨੇ ਚੁੱਪ ਵੱਟੀ ਰੱਖੀ। ਸਾਰੇ ਕਾਕਸ ਨੇ ਪੂਰਨ ਚੁੱਪ ਵੱਟੀ ਰੱਖੀ ਤੱਥ ਠੀਕ ਨਹੀਂ।
2. ਕਿਤਾਬ ਦੇ ਸਫ਼ੇ 6 ਤੇ ਲਿਖਾਰੀ ਲਿੱਖਦਾ ਹੈ ਕਿ ਜਦੋਂ ਆਰ ਐਸ ਐਸ ਨੇ ਦਿੱਲੀ ਆਪਣਾ ਝੰਡਾ ਲਹਿਰਾਇਆ ਤਾਂ ਸਿੱਖ ਕਾਕਸ ਚੁੱਪ ਕਿਉਂ ਰਹੀ। ਹੁਣ ਇੱਥੇ ਲਿਖਾਰੀ ਨੂੰ ਏਨੀ ਸਮਝ ਨਹੀਂ ਕਿ ‘ਕੀ ਇੱਥੇ ਕਾਕਸ ਦਾ ਬੋਲਨਾ ਬਣਦਾ ਹੈ ? ਇਸ ਨਾਲ ਅਮਰੀਕਾ ਦਾ ਕਾਂਗਰਸਮੈਨ ਕੀ ਕਹੇ ਕਿ ਉਸਦੇ ਇਲਾਕੇ ਦੇ ਸਿੱਖਾਂ ਨਾਲ ਉੱਥੇ ਝੰਡੇ ਝੁਲਾਉਣ ਦਾ ਕੀ ਸੰਬੰਧ ਹੈ? ਜੇ ਲਿਖਾਰੀ ਨੂੰ ਲੱਗਦਾ ਹੈ ਕਿ ਕਾਕਸ ਨੇ ਭਾਰਤ ਵਿੱਚ ਵਾਪਰ ਰਹੀ ਹਰ ਘਟਨਾ ਤੇ ਬੋਲਨਾ ਹੈ ਤਾਂ ਉਹਦੀ ਜਾਂ ਤਾਂ ਨਾਂ-ਸਮਝੀ ਹੈ ਜਾਂ ਸਿੱਖਾਂ ਦੀ ਭਾਵਨਾਵਾਂ ਭੜਕਾਉਣ ਦਾ ਕੰਮ ਕਰ ਰਿਹਾ ਹੈ।
3. ਕਿਤਾਬ ਦੇ 7 ਸਫ਼ੇ ਤੇ ਭੂਮਿਕਾ ਬੰਨਣ ਤੋਂ ਬਾਅਦ ਲਿਖਾਰੀ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਾਕਸ ਦਾ ਚੁੱਪ ਰਹਿਣਾ ਉਹਨਾਂ ਦੀ ਘਾਟ ਨਹੀਂ ਪਰ ਇੱਕ ਯੋਜਨਾਬੱਧ ਕਾਰਾ ਹੈ ਜਿਹੜਾ ਸਿੱਖਾਂ ਦੀ ਆਵਾਜ਼ ਬੰਦ ਕਰਨ ਅਤੇ ਦਿੱਲੀ ਦੀ ਮਦਦ ਕਰਨ ਦਾ ਜ਼ਰੀਆ ਹੈ। ਇੱਥੇ ਲਿਖਾਰੀ ਪਾਠਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਅਮਰੀਕਾ ਵਿੱਚ ਇੱਕ ਕੌਮ ਦਾ ਇੱਕ ਕਾਕਸ ਹੀ ਬਣ ਸਕਦਾ ਹੈ। ਇੱਥੇ ਉਹ ਸਿੱਖਾਂ ਦੇ ਦਿਮਾਗ ਵਿੱਚ ਕਾਕਸ ਦਾ ਬਨਣਾ ਇੱਕ ਸਾਜਿਸ਼ ਦੇ ਰੂਪ ਵਿੱਚ ਸ਼ੱਕ ਖੜਾ ਕਰਨ ਵਿੱਚ ਕਾਮਯਾਬ ਹੋਇਆ ਹੈ।
4. ਦੂਜਾ ਅਧਿਆਇ ‘Needs of the Hour’ ਹੈ ਜਿਸ ਵਿੱਚ 1984 Sikh Genocide ਦੀ ਗੱਲ ਕਰਦਾ ਹੈ। ਇਸ ਵਿੱਚ ਲੋਕਲ ਲੈਵਲ ਤੇ Sikh Genocide ਦੇ ਮਤੇ ਪੈਣ ਦੀਆਂ ਉਦਾਹਰਣਾਂ ਦੇ ਕੇ ਕਹਿੰਦਾ ਹੈ ਕਿ ਇਹਨਾਂ ਦਾ ਮਤਲਬ ਅਸਲ ਵਿੱਚ ਫੈਡਰਲ ਲੈਵਲ ਤੇ ਅਮਰੀਕੀ ਕਾਂਗਰਸ ਵਿੱਚ Sikh Genocide ਦਾ ਮਤਾ ਪੈਣਾ ਚਾਹੀਦਾ ਹੈ। ਇਸ ਅਧਿਆਇ ਵਿੱਚ ਆਰ ਐਸ ਐਸ ਦੇ ਹਵਾਲੇ ਵੀ ਦਿੰਦਾ ਹੈ। ਇਸ ਵਿੱਚ ਭਾਰਤ ਦੇ ਫਾਸੀਵਾਦੀ ਚਿਹਰੇ ਅਧੀਨ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ। ਅਖੀਰ ਵਿੱਚ ਇਸ ਮਤੇ ਨੂੰ ਕਾਂਗਰਸ ਵਿੱਚ ਨਾਂ ਰੱਖਣ ਦਾ ਦੋਸ਼ ਸਿਰਫ ਕਾਕਸ ਤੇ ਹੀ ਮੜ੍ਹਦਾ ਹੈ ਅਤੇ ਅਮਰੀਕਾ ਵਿੱਚ ਇਹਨਾਂ ਮਸਲਿਆਂ ਤੇ ਹੋਰ ਜੱਥੇਬੰਦੀਆਂ ਦੀ ਗੱਲ ਵੀ ਨਹੀਂ ਕਰਦਾ। ਇੱਥੇ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਸਾਰੇ ਅਧਿਆਇ ਵਿੱਚ ਸਾਰੀ ਕਹਾਣੀ ਪਾਉਣ ਦਾ ਕੀ ਮਕਸਦ ਹੈ।
ਚੱਲਦਾ ....